ਅਸੀਂ ਆਪਣੀਆਂ 'ਸੇਵਾ ਦੀਆਂ ਸ਼ਰਤਾਂ' ਅਤੇ 'ਪਰਦੇਦਾਰੀ ਨੀਤੀ' ਨੂੰ ਅੱਪਡੇਟ ਕਰ ਰਹੇ ਹਾਂ
ਅਸੀਂ ਆਪਣੀਆਂ 'ਸੇਵਾ ਦੀਆਂ ਸ਼ਰਤਾਂ' ਅਤੇ 'ਪਰਦੇਦਾਰੀ ਨੀਤੀ' ਵਿੱਚ ਤਬਦੀਲੀਆਂ ਕਰ ਰਹੇ ਹਾਂ, ਇਹ ਤਬਦੀਲੀਆਂ ਸਿਰਫ਼ ਕਾਰੋਬਾਰਾਂ ਅਤੇ ਉਹਨਾਂ ਦੇ ਗਾਹਕਾਂ ਵਿਚਕਾਰ WhatsApp ਉੱਤੇ ਹੋਣ ਵਾਲੀ ਚੈਟ ਨਾਲ ਸਬੰਧਿਤ ਹਨ। ਅਸੀਂ ਕਿਵੇਂ ਡਾਟਾ ਇਕੱਤਰ ਕਰਦੇ ਹਾਂ, ਕਿਵੇਂ ਡਾਟਾ ਸਾਂਝਾ ਕਰਦੇ ਹਾਂ ਅਤੇ ਕਿਵੇਂ ਡਾਟਾ ਵਰਤਦੇ ਹਾਂ, ਉਸ ਬਾਰੇ ਹੋਰ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਾਂ।
ਤੁਹਾਡੀ ਪਰਦੇਦਾਰੀ ਪ੍ਰਤੀ ਸਾਡੀ ਵਚਨਬੱਧਤਾ ਬਿਲਕੁੱਲ ਵੀ ਨਹੀਂ ਬਦਲੀ ਹੈ। ਤੁਹਾਡੀ ਨਿੱਜੀ ਚੈਟ ਨੂੰ ਹੁਣ ਵੀ ਪਹਿਲਾਂ ਵਾਂਗ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਰੱਖਿਆ ਜਾਂਦਾ ਹੈ, ਇਸਦਾ ਮਤਲਬ ਹੈ ਕਿ ਨਾ ਹੀ WhatsApp, ਨਾ ਹੀ Facebook ਅਤੇ ਨਾ ਹੀ ਕੋਈ ਬਾਹਰੀ ਵਿਅਕਤੀ ਤੁਹਾਡੀ ਚੈਟ ਨੂੰ ਪੜ੍ਹ ਜਾਂ ਸੁਣ ਸਕਦਾ ਹੈ।
ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਅੱਪਡੇਟ ਨੂੰ ਸਪਸ਼ਟ ਰੂਪ ਵਿੱਚ ਸਮਝਾਈਏ। ਹੇਠਾਂ ਕੁਝ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਹਨ ਜਿਹਨਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ:
ਕੀ ਬਦਲ ਰਿਹਾ ਹੈ

ਤੁਸੀਂ WhatsApp ਉੱਤੇ ਵੱਧ ਤੋਂ ਵੱਧ ਕਾਰੋਬਾਰਾਂ ਦੇ ਨਾਲ ਜੁੜ ਸਕੋਗੇ। ਫ਼ੋਨ ਕਰਨ ਜਾਂ ਈਮੇਲ ਭੇਜਣ ਨਾਲੋਂ WhatsApp ਚੈਟ ਰਾਹੀਂ ਕਿਸੇ ਕਾਰੋਬਾਰ ਨਾਲ ਸੰਪਰਕ ਕਰਨਾ ਕਿਤੇ ਵੱਧ ਤੇਜ਼ ਅਤੇ ਸੁਵਿਧਾਜਨਕ ਹੈ। ਇਸ ਫੀਚਰ ਦੀ ਵਰਤੋਂ ਕਰਨਾ ਜਾਂ ਨਾ ਕਰਨਾ ਪੂਰੀ ਤਰ੍ਹਾਂ ਤੁਹਾਡੀ ਇੱਛਾ ਉੱਤੇ ਨਿਰਭਰ ਕਰਦਾ ਹੈ।
ਹਰ ਰੋਜ਼, ਲੱਖਾਂ ਲੋਕ ਵੱਡੇ ਅਤੇ ਛੋਟੇ ਕਾਰੋਬਾਰਾਂ ਦੇ ਨਾਲ ਸੰਪਰਕ ਕਰਨ ਲਈ WhatsApp ਦੀ ਵਰਤੋਂ ਕਰਦੇ ਹਨ। ਤੁਸੀਂ ਕਿਸੇ ਵਸਤੂ ਬਾਰੇ ਪੁੱਛ-ਗਿੱਛ ਕਰਨ, ਕੋਈ ਚੀਜ਼ ਖਰੀਦਣ ਅਤੇ ਕੋਈ ਹੋਰ ਜਾਣਕਾਰੀ ਲੈਣ ਲਈ ਕਿਸੇ ਕਾਰੋਬਾਰ ਨੂੰ ਸੁਨੇਹਾ ਭੇਜ ਸਕਦੇ ਹੋ। ਤੁਸੀਂ WhatsApp ਉੱਤੇ ਕਿਸੇ ਕਾਰੋਬਾਰ ਨਾਲ ਗੱਲ ਕਰਨਾ ਚਾਹੁੰਦੇ ਹੋ ਜਾਂ ਨਹੀਂ, ਇਹ ਤੁਸੀਂ ਤੈਅ ਕਰਨਾ ਹੈ ਅਤੇ ਜੇ ਤੁਸੀਂ ਚਾਹੋ ਤਾਂ ਤੁਸੀਂ ਕਾਰੋਬਾਰ ਨੂੰ ਬਲੌਕ ਵੀ ਕਰ ਸਕਦੇ ਹੋ ਜਾਂ ਉਸਨੂੰ ਆਪਣੀ ਸੰਪਰਕ ਸੂਚੀ ਵਿੱਚੋਂ ਹਟਾ ਵੀ ਸਕਦੇ ਹੋ।
ਵੱਡੇ ਕਾਰੋਬਾਰਾਂ, ਜਿਵੇਂ ਕਿ ਏਅਰਲਾਈਨ ਜਾਂ ਰਿਟੇਲਰਾਂ ਆਦਿ ਦੇ ਨਾਲ ਇੱਕ ਸਮੇਂ 'ਤੇ ਹਜ਼ਾਰਾਂ ਗਾਹਕ ਸੰਪਰਕ ਕਰ ਸਕਦੇ ਹਨ - ਕੋਈ ਉਹਨਾਂ ਕੋਲੋਂ ਫਲਾਈਟ ਬਾਰੇ ਜਾਣਕਾਰੀ ਲੈਣ ਲਈ ਜਾਂ ਕੋਈ ਆਪਣਾ ਆਰਡਰ ਟਰੈਕ ਕਰਨ ਲਈ। ਇਹ ਕਾਰੋਬਾਰ ਆਪਣੇ ਗਾਹਕਾਂ ਨਾਲ ਜੁੜਨ ਅਤੇ ਝੱਟ-ਪੱਟ ਉਹਨਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ Facebook ਦੀ ਵਰਤੋਂ ਇੱਕ ਤਕਨਾਲੋਜੀ ਪ੍ਰਦਾਤਾ ਦੇ ਰੂਪ ਵਿੱਚ ਕਰ ਸਕਦੇ ਹਨ, ਜਿਸ ਦਾ ਕੰਮ ਕਾਰੋਬਾਰ ਦੀ ਤਰਫ਼ ਤੋਂ ਗਾਹਕਾਂ ਨੂੰ ਗਾਹਕ ਸੇਵਾ ਉਪਲਬਧ ਕਰਵਾਉਣਾ ਹੁੰਦਾ ਹੈ। ਕਾਰੋਬਾਰ ਨਾਲ ਹੋਣ ਵਾਲੀ ਚੈਟ ਨੂੰ ਅਸੀਂ ਸਪਸ਼ਟ ਰੂਪ ਵਿੱਚ ਲੇਬਲ ਕਰਾਂਗੇ ਤਾਂ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਵੇ।

ਅਸੀਂ ਕਿਵੇਂ ਡਾਟਾ ਇਕੱਤਰ ਕਰਦੇ ਹਾਂ, ਕਿਵੇਂ ਡਾਟਾ ਸਾਂਝਾ ਕਰਦੇ ਹਾਂ ਅਤੇ ਕਿਵੇਂ ਡਾਟਾ ਵਰਤਦੇ ਹਾਂ, ਉਸ ਬਾਰੇ ਹੋਰ ਸਪਸ਼ਟ ਜਾਣਕਾਰੀ ਵੀ ਪ੍ਰਦਾਨ ਕਰ ਰਹੇ ਹਾਂ।
ਸਾਡੀ ਪਰਦੇਦਾਰੀ ਨੀਤੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੇ ਨਾਲ ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਅਸੀਂ ਤੁਹਾਡੀ ਜਾਣਕਾਰੀ ਨੂੰ ਕਿਵੇਂ ਪ੍ਰਬੰਧਿਤ ਕਰਦੇ ਹਾਂ। ਅਸੀਂ ਆਪਣੀ ਪਰਦੇਦਾਰੀ ਨੀਤੀ ਦੇ ਕੁਝ ਭਾਗਾਂ ਵਿੱਚ ਹੋਰ ਜਾਣਕਾਰੀ ਸ਼ਾਮਲ ਕੀਤੀ ਹੈ ਅਤੇ ਕੁਝ ਨਵੇਂ ਭਾਗ ਵੀ ਸ਼ਾਮਲ ਕੀਤੇ ਹਨ। ਅਸੀਂ ਪਰਦੇਦਾਰੀ ਨੀਤੀ ਦੇ ਲੇਆਉਟ ਨੂੰ ਵੀ ਸਰਲ ਅਤੇ ਵਰਤੋਂਕਾਰਾਂ ਲਈ ਉਸ ਨੂੰ ਵਰਤਣਾ ਹੋਰ ਸੁਖਾਲਾ ਬਣਾ ਦਿੱਤਾ ਹੈ।
ਤੁਸੀਂ ਇੱਥੇ ਜਾ ਕੇ ਪੜ੍ਹ ਸਕਦੇ ਹੋ ਕਿ ਆਪਣੇ WhatsApp ਖਾਤੇ ਦੀ ਜਾਣਕਾਰੀ ਅਤੇ ਸੈਟਿੰਗਾਂ ਦੀ ਰਿਪੋਰਟ ਕਿਵੇਂ ਡਾਊਨਲੋਡ ਕਰਨੀ ਹੈ।
ਕੀ ਨਹੀਂ ਬਦਲ ਰਿਹਾ

ਪਰਿਵਾਰ ਅਤੇ ਦੋਸਤਾਂ ਨਾਲ ਹੋਣ ਵਾਲੀ ਨਿੱਜੀ ਚੈਟ ਦੀ ਪਰਦੇਦਾਰੀ ਅਤੇ ਸੁਰੱਖਿਆ ਕਦੇ ਵੀ ਨਹੀਂ ਬਦਲੇਗੀ।
ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜਿਹੜੀ ਵੀ ਸਮੱਗਰੀ ਸਾਂਝੀ ਕਰਦੇ ਹੋ, ਜਿਸ ਵਿੱਚ ਤੁਹਾਡੇ ਨਿੱਜੀ ਸੁਨੇਹੇ ਅਤੇ ਕਾਲਾਂ, ਸਾਂਝੀਆਂ ਕੀਤੀਆਂ ਫ਼ੋਟੋਆਂ, ਵੀਡੀਓ ਜਾਂ ਲੋਕੇਸ਼ਨ ਆਦਿ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਉਹਨਾਂ ਨੂੰ ਨਾ ਹੀ WhatsApp ਦੇਖ ਸਕਦਾ ਹੈ ਅਤੇ ਨਾ ਹੀ Facebook ਦੇਖ ਸਕਦਾ ਹੈ। ਕੌਣ ਕਿਸ ਨੂੰ ਸੁਨੇਹੇ ਭੇਜ ਰਿਹਾ ਹੈ ਜਾਂ ਕਾਲਾਂ ਕਰ ਰਿਹਾ ਹੈ, ਅਸੀਂ ਉਸ ਜਾਣਕਾਰੀ ਦਾ ਰਿਕਾਰਡ ਵੀ ਨਹੀਂ ਰੱਖਦੇ ਹਾਂ, ਅਤੇ ਨਾ ਹੀ WhatsApp ਤੁਹਾਡੇ ਸੰਪਰਕਾਂ ਨੂੰ Facebook ਨਾਲ ਸਾਂਝਾ ਕਰਦਾ ਹੈ।

ਪੂਰਾ ਕੰਟਰੋਲ ਤੁਹਾਡੇ ਹੱਥ ਵਿੱਚ ਹੈ। ਕਿਸੇ ਕਾਰੋਬਾਰ ਨਾਲ ਆਪਣਾ ਨੰਬਰ ਸਾਂਝਾ ਕਰਨਾ ਹੈ ਜਾਂ ਨਹੀਂ, ਇਸਦਾ ਫ਼ੈਸਲਾ ਸਿਰਫ਼ ਤੁਸੀਂ ਕਰ ਸਕਦੇ ਹੋ ਅਤੇ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਕਾਰੋਬਾਰ ਨੂੰ ਬਲੌਕ ਕਰ ਸਕਦੇ ਹੋ।
WhatsApp ਕਿਸੇ ਵੀ ਕਾਰੋਬਾਰ ਨੂੰ ਤੁਹਾਡਾ ਨੰਬਰ ਨਹੀਂ ਦੇਵੇਗਾ ਅਤੇ ਸਾਡੀਆਂ ਨੀਤੀਆਂ ਵੀ ਕਾਰੋਬਾਰਾਂ ਨੂੰ ਤੁਹਾਡੇ ਨਾਲ WhatsApp ਉੱਤੇ ਸੰਪਰਕ ਕਰਨ ਦੀ ਇਜਾਜ਼ਤ ਨਹੀਂ ਦਿੰਦੀਆਂ ਹਨ ਜਦੋਂ ਤੱਕ ਕਿ ਤੁਸੀਂ ਉਹਨਾਂ ਨੂੰ ਸੰਪਰਕ ਕਰਨ ਦੀ ਮਨਜ਼ੂਰੀ ਨਹੀਂ ਦਿੰਦੇ।
ਸਾਡੇ ਪਰਦੇਦਾਰੀ ਸਬੰਧੀ ਹੋਰ ਫੀਚਰ, ਜਿਵੇਂ ਕਿ ਅਲੋਪ ਹੋਣ ਵਾਲੇ ਸੁਨੇਹੇ ਸੈੱਟ ਕਰਨਾ ਜਾਂ ਇਹ ਕੰਟਰੋਲ ਕਰਨਾ ਕਿ ਤੁਹਾਨੂੰ ਗਰੁੱਪਾਂ ਵਿੱਚ ਕੌਣ ਸ਼ਾਮਲ ਕਰ ਸਕਦਾ ਹੈ, ਤੁਹਾਨੂੰ ਪਰਦੇਦਾਰੀ ਦੀ ਇੱਕ ਵਾਧੂ ਪਰਤ ਪ੍ਰਦਾਨ ਕਰਦੇ ਹਨ।

ਨਵੀਆਂ 'ਸੇਵਾ ਦੀਆਂ ਸ਼ਰਤਾਂ' ਨੂੰ ਸਵੀਕਾਰ ਕਰਨ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਇਸ ਨਾਲ WhatsApp ਨੂੰ ਆਪਣੀ ਪੇਰੈਂਟ ਕੰਪਨੀ Facebook ਦੇ ਨਾਲ ਡਾਟਾ ਸਾਂਝਾ ਕਰਨ ਦੀ ਛੂਟ ਮਿਲ ਗਈ ਹੈ।
ਹੋਰ ਜਾਣਕਾਰੀ ਲੈਣ ਲਈ, ਕਿਰਪਾ ਕਰਕੇ ਸਾਡੀਆਂ ਸ਼ਰਤਾਂ ਅਤੇ ਪਰਦੇਦਾਰੀ ਨੀਤੀ ਦੀ ਜਾਂਚ-ਪੜਤਾਲ ਕਰੋ। ਤੁਸੀਂ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਇੱਥੇ ਪ੍ਰਾਪਤ ਕਰ ਸਕਦੇ ਹੋ।